Looking for more resources for supporting parents during COVID-19? Visit the Start Talking Now Facebook page.

COVID-19 ਕਿਸ਼ੋਰ ਅਵਸਥਾ ਵਾਲੇ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਮਾਪੇ ਸਹਾਇਤਾ ਕਰ ਸਕਦੇ ਹਨ।

You are here

Home » COVID-19 ਕਿਸ਼ੋਰ ਅਵਸਥਾ ਵਾਲੇ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਮਾਪੇ ਸਹਾਇਤਾ ਕਰ ਸਕਦੇ ਹਨ।

Read this page in English.

COVID-19 ਮਹਾਂਮਾਰੀ ਦਾ ਸਾਡੀ ਮਾਨਸਿਕ ਸਿਹਤ ’ਤੇ ਵੱਡਾ ਅਸਰ ਪੈ ਰਿਹਾ ਹੈ ਅਤੇ ਕਿਸ਼ੋਰ ਅਵਸਥਾ ਵਾਲੇ ਬੱਚੇ ਖਾਸ ਤੌਰ ’ਤੇ ਕਮਜੋਰ ਹਨ। ਕਿਉਂਕਿ ਉਹਨਾਂ ਦੇ ਦਿਮਾਗ ਹਾਲੀ ਵਿਕਸਿਤ ਹੋ ਰਹੇ ਹਨ, ਅਤੇ ਉਹਨਾਂ ਨੇ ਅਜੇ ਤੱਕ ਜੀਵਨ ਦੇ ਕਈ ਅਨੁਭਵ ਨਹੀਂ ਕੀਤੇ, ਸਾਰੀਆਂ ਭਾਵਨਾਵਾਂ ਜੋ ਉਹ ਮਹਿਸੂਸ ਕਰ ਰਹੇ ਹਨ: ਉਦਾਸੀ, ਗੁੱਸਾ, ਤਣਾਅ, ਅਤੇ ਇਕੱਲਾਪਨ - ਵਧੇਰੇ ਤੀਬਰ ਹਨ। ਅਤੇ ਖੋਜ ਤੋਂ ਪਤਾ ਲੱਗਦਾ ਹੈ ਕਿ COVID-19 ਮਹਾਂਮਾਰੀ ਦੌਰਾਨ, ਕਿਸ਼ੋਰ ਅਵਸਥਾ ਵਾਲੇ ਬੱਚਿਆਂ ਵਿੱਚ ਉਦਾਸੀ (ਡਿਪ੍ਰੈਸ਼ਨ) ਜਾਂ ਚਿੰਤਾ ਦੇ ਦਰਮਿਆਨੇ ਤੋਂ ਗੰਭੀਰ ਲੱਛਣ ਦਿੱਖਣ ਦੀ ਵੱਧ ਸੰਭਾਵਨਾ ਹੁੰਦੀ ਹੈ (Mental Health America)। ਸਤੰਬਰ 2020 ਵਿੱਚ ਅੱਧੇ ਤੋਂ ਵੱਧ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਨੇ ਆਤਮਹੱਤਿਆ ਕਰਨ ਜਾਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੇ ਵਿਚਾਰ ਆਉਣ ਬਾਰੇ ਦੱਸਿਆ (Mental Health America)।

ਚੰਗੀ ਖ਼ਬਰ ਇਹ ਹੈ ਕਿ ਮਾਪੇ ਅਤੇ ਹੋਰ ਭਰੋਸੇਯੋਗ ਬਾਲਗ ਮਦਦ ਕਰ ਸਕਦੇ ਹਨ।

ਸੰਕੇਤਾਂ ਬਾਰੇ ਜਾਣੋ

ਪਹਿਲਾ ਕਦਮ ਸੰਕੇਤਾਂ ਦੀ ਪਛਾਣ ਕਰਨਾ ਹੈ। ਹਰੇਕ ਕਿਸ਼ੋਰ ਅਵਸਥਾ ਵਾਲਾ ਬੱਚਾ ਵੱਖਰਾ ਹੁੰਦਾ ਹੈ ਅਤੇ ਦੁਖਦਾਈ ਘਟਨਾਵਾਂ ਲਈ ਉਸਦਾ ਪ੍ਰਤੀਕਰਮ ਵੀ ਵੱਖਰਾ ਹੁੰਦਾ ਹੈ। ਇਹ “ਐਕਟਿੰਗ ਆਉਟ” ਤੋਂ “ਐਕਟਿੰਗ ਇਨ” ਤੱਕ ਹੋ ਸਕਦਾ ਹੈ। “ਐਕਟਿੰਗ ਆਉਟ” ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ, ਲੜਾਈ ਝਗੜਾ, ਜਾਂ COVID-19 ਬਾਰੇ ਸੁਰੱਖਿਆ ਸੇਧਾਂ ਨੂੰ ਨਜ਼ਰਅੰਦਾਜ਼ ਕਰਨ ਵਰਗੇ ਜੋਖਮ ਲੈਣਾ ਸ਼ਾਮਲ ਹੋ ਸਕਦਾ ਹੈ। “ਐਕਟਿੰਗ ਇਨ” ਦੇ ਨਤੀਜੇ ਵਜੋਂ ਤੁਹਾਡਾ ਕਿਸ਼ੋਰ ਅਵਸਥਾ ਵਾਲਾ ਬੱਚਾ ਵਿਰਕਤ ਹੋ ਸਕਦਾ ਹੈ, ਜਾਪਦਾ ਹੈ ਕਿ ਉਸਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈ, ਜਾਂ ਉਹ ਅਕਸਰ ਇਕੱਲਾ ਰਹਿਣਾ ਚਾਹੁੰਦਾ ਹੈ (Washington State Department of Health)। ਆਫ਼ਤ ਦੌਰਾਨ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਦੇ ਆਮ ਪ੍ਰਤਿਕਰਮਾਂ ਵਿੱਚ ਇਹ ਸ਼ਾਮਲ ਹਨ:

  • ਚਿੰਤਾ
  • ਉਦਾਸੀ
  • (ਗਿਲਟ) ਕਿਸੀ ਅਣਸੁਖਾਵੀਂ ਹਾਲਤ ਲਈ ਆਪਣੇ ਆਪ ਨੂੰ ਦੋਸ਼ ਦੇਣਾ, ਗੁੱਸਾ, ਡਰ, ਨਿਰਾਸ਼ਾ ਦੀ ਭਾਵਨਾ
  • ਇਹ ਡਰ ਕਿ ਉਹਨਾਂ ਲਈ ਕੋਈ ਭਵਿੱਖ ਨਹੀਂ ਹੈ
  • ਸਮਾਜਕ ਵਤੀਰੇ ਵਿੱਚ ਤਬਦੀਲੀਆਂ, ਜਿਵੇਂ ਕਿ ਦੋਸਤਾਂ ਨੂੰ ਨਾ ਮਿਲਣਾ ਜਾਂ ਦੋਸਤ ਬਦਲਣਾ
  • ਭਾਵਨਾਵਾਂ ਤੋਂ ਬਚਣ ਲਈ ਰੁੱਝੇ ਰਹਿਣਾ
  • ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ

ਮਦਦ ਕਰਨ ਦੇ ਤਰੀਕੇ

ਇੱਕ ਮਾਪੇ ਵਜੋਂ, ਤੁਸੀਂ ਆਪਣੇ ਕਿਸ਼ੋਰ ਅਵਸਥਾ ਵਾਲੇ ਬੱਚੇ ਦੇ ਜੀਵਨ ਵਿੱਚ ਸਭ ਤੋਂ ਵੱਧ ਪ੍ਰਭਾਵ ਪਾਉਂਦੇ ਹੋ। ਭਾਵੇਂ ਉਹ ਇਹ ਗੱਲ ਮੰਨਣ ਭਾਵੇਂ ਨਾ!

ਇਸ ਮੁਸ਼ਕਲ ਸਮੇਂ ਦੌਰਾਨ ਕਿਸ਼ੋਰ ਅਵਸਥਾ ਵਾਲੇ ਬੱਚੇ ਵਧੇਰੇ ਅਲੱਗ-ਥਲੱਗ ਮਹਿਸੂਸ ਕਰ ਸਕਦੇ ਹਨ। ਵਿਅਕਤੀਗਤ ਤੌਰ ‘ਤੇ ਸਕੂਲ ਨਾ ਜਾਣਾ, ਦੋਸਤਾਂ ਨੂੰ ਵੇਖਣਾ, ਜਾਂ ਖੇਡਾਂ ਨਾ ਖੇਡਣਾ, ਉਹਨਾਂ ਕੋਲ ਉਹ ਸਮਰਥਨ ਨਹੀਂ ਹੁੰਦਾ ਹੈ ਜੋ ਕਿ ਸ਼ਾਇਦ ਉਹਨਾਂ ਕੋਲ ਪਹਿਲਾਂ ਹੁੰਦਾ ਸੀ। ਇਸ ਲਈ ਆਪਣੇ ਕਿਸ਼ੋਰ ਅਵਸਥਾ ਵਾਲੇ ਬੱਚੇ ਵੱਲ ਧਿਆਨ ਦੇਣਾ ਇੰਨਾ ਮਹੱਤਵਪੂਰਣ ਹੈ। ਹੇਠਾਂ ਉਹ ਤਰੀਕੇ ਹਨ ਜਿਹਨਾਂ ਨਾਲ ਤੁਸੀਂ ਮਦਦ ਕਰ ਸਕਦੇ ਹੋ (Washington State Department of Health):

  • ਸਵੈ-ਦੇਖਭਾਲ ਨੂੰ ਆਦਰਸ਼ ਬਣਾਓ ਅਤੇ ਇਸ ਆਫ਼ਤ ਦਰਮਿਆਨ ਆਪਣੀਆਂ ਖੁਦ ਦੀਆਂ ਭਾਵਨਾਵਾਂ ਬਾਰੇ ਗੱਲ ਕਰੋ।
  • ਕਿਸ਼ੋਰ ਅਵਸਥਾ ਵਾਲੇ ਬੱਚਿਆਂ ਨੂੰ ਆਪਣੇ ਵਿਚਾਰ ਅਤੇ ਭਾਵਨਾਵਾਂ ਪ੍ਰਗਟ ਕਰਨ ਲਈ ਉਤਸ਼ਾਹਤ ਕਰੋ। ਇਹਨਾਂ ਦੀ ਪਛਾਣ ਕਰਨ ਅਤੇ ਇਹਨਾਂ ਦੇ ਪ੍ਰਬੰਧਨ ਵਿੱਚ ਉਹਨਾਂ ਦੀ ਮਦਦ ਕਰੋ।
  • ਉਨ੍ਹਾਂ ਨੂੰ ਯਾਦ ਦਿਵਾਓ ਕਿ ਇਸ ਤਰ੍ਹਾਂ ਮਹਿਸੂਸ ਕਰਨ ਵਾਲੇ ਉਹ ਇਕੱਲੇ ਨਹੀਂ ਹਨ ਅਤੇ ਇਸ ਵੇਲੇ ਠੀਕ ਮਹਿਸੂਸ ਨਹੀਂ ਕਰ ਰਹੇ ਹੋ ਤਾਂ ਕੋਈ ਗੱਲ ਨਹੀਂ।
  • ਉਹਨਾਂ ਨੂੰ ਸਵੈ-ਦੇਖਭਾਲ ਕਰਨ ਅਤੇ ਤਣਾਅ ਨਾਲ ਨਜਿੱਠਣ ਲਈ ਨਰੋਏ ਤਰੀਕੇ ਅਪਨਾਉਣ ਲਈ ਉਤਸ਼ਾਹਤ ਕਰੋ, ਜਿਵੇਂ ਕਿ ਕਸਰਤ ਕਰਨਾ, ਧਿਆਨ ਲਗਾਉਣਾ, ਘਰੋਂ ਬਾਹਰ ਘੁੰਮਣ ਜਾਣਾ, ਜਾਂ ਕੋਈ ਹੋਰ ਗਤੀਵਿਧੀ ਜੋ ਕਿ ਉਹਨਾਂ ਨੂੰ ਖੁਸ਼ੀ ਜਾਂ ਸ਼ਾਂਤੀ ਦਾ ਅਹਿਸਾਸ ਕਰਵਾ ਸਕਦੀ ਹੈ। ਕਿਸ਼ੋਰ ਅਵਸਥਾ ਵਾਲੇ ਬੱਚੇ You Can’ਤੇ ਸੁਝਾਅ ਲੱਭ ਸਕਦੇ ਹਨ।
  • ਗੈਰ ਸਿਹਤਮੰਦ ਤਰੀਕਿਆਂ ਦੇ ਖਤਰਿਆਂ ਬਾਰੇ (ਬਿਨਾਂ ਭਾਸ਼ਣ ਦਿੱਤਿਆਂ) ਚਰਚਾ ਕਰੋ, ਜਿਵੇਂ ਕਿ:
    • ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ
    • ਹਿੰਸਕ ਜਾਂ ਗ਼ੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ
    • ਗੈਰ ਸਿਹਤਮੰਦ ਸੰਬੰਧਾਂ ਵਿੱਚ ਹੋਣਾ (ਗ਼ਲਤ ਰਿਸ਼ਤੇ ਬਣਾਉਣਾ)
  • ਅਜਿਹੇ ਦੋਸਤ ਚੁਣਨ ਦੇ ਮਹੱਤਵ ਬਾਰੇ ਚਰਚਾ ਕਰੋ ਜੋ ਚੰਗੇ ਫੈਸਲਿਆਂ ਨਾਲ ਮਦਦ ਕਰਦੇ ਹਨ। ਪਰਿਵਾਰ ਅਤੇ ਦੋਸਤਾਂ ਨਾਲ ਸੰਬੰਧ ਬਣਾਉਣ ਲਈ ਉਤਸ਼ਾਹਤ ਕਰੋ।
  • ਉਹਨਾਂ ਨੂੰ ਇਸ ਮੁਸ਼ਕਲ ਸਮੇਂ ਦੌਰਾਨ ਦੂਜਿਆਂ ਦੀ ਮਦਦ ਕਰਨ ਦੀ ਇਜਾਜ਼ਤ ਦਿਓ ਅਤੇ ਉਤਸ਼ਾਹਤ ਕਰੋ। ਉਦਾਹਰਣ ਵਜੋਂ, ਉਹ ਬਾਗ਼ ਲਗਾਉਣ, ਕਚਰਾ ਚੁੱਕਣ ਵਿੱਚ ਮਦਦ, ਛੋਟੇ ਬੱਚਿਆਂ ਲਈ ਗਤੀਵਿਧੀਆਂ ਆਯੋਜਿਤ, ਜਾਂ ਕਰਿਆਨੇ ਦੀ ਖ਼ਰੀਦਾਰੀ ਵਿੱਚ ਗੁਆਂਢੀਆਂ ਦੀ ਸਹਾਇਤਾ ਕਰ ਸਕਦੇ ਹਨ।
  • ਕਿਸ਼ੋਰ ਅਵਸਥਾ ਵਾਲੇ ਬੱਚਿਆਂ ਨਾਲ ਉਹਨਾਂ ਦੇ ਭਵਿੱਖ ਬਾਰੇ ਗੱਲ ਕਰੋ। ਉਦਾਹਰਣ ਵਜੋਂ, ਪੁੱਛੋ “ਤੁਸੀਂ ਅਗਲੇ ਸਾਲ ਵਿੱਚ ਜਾਂ 5 ਸਾਲਾਂ ਵਿੱਚ ਕੀ ਕਰਨਾ ਚਾਹੁੰਦੇ ਹੋ?” “ਉਸ ਟੀਚੇ ਤੱਕ ਪਹੁੰਚਣ ਵਿੱਚ ਸਹਾਇਤਾ ਲਈ ਤੁਸੀਂ ਹੁਣ ਕੀ ਕਰ ਰਹੇ ਹੋ?” “ਕੀ ਅਜਿਹੇ ਕੋਈ ਤਰੀਕੇ ਹਨ ਜਿਹਨਾਂ ਨਾਲ ਮੈਂ ਉਹਨਾਂ ਕੁਝ ਗਤੀਵਿਧੀਆਂ ਵਿੱਚ ਤੁਹਾਡੀ ਮਦਦ ਕਰ ਸਕਾਂ ਜੋ ਤੁਹਾਨੂੰ ਉਸ ਟੀਚੇ ਵੱਲ ਲਿਜਾਂਦੀਆਂ ਹਨ?”
  • ਆਪਣੇ ਕਿਸ਼ੋਰ ਅਵਸਥਾ ਵਾਲੇ ਬੱਚੇ ਨਾਲ ਮਜ਼ੇਦਾਰ ਤਰੀਕੇ ਨਾਲ ਅਤੇ ਇਸ ਸੱਚ ਜਾਂ ਚੁਣੌਤੀ ਗੇਮ (Truth or Challenge game) ਨਾਲ ਦਿਲਚਸਪ ਤਰੀਕੇ ਨਾਲ ਵਾਰਤਾਲਾਪ ਸ਼ਰੂ ਕਰੋ।

ਸਹਾਇਤਾ ਪਾਓ

Teen Link: ਕਈ ਵਾਰ, ਹੋ ਸਕਦਾ ਹੈ ਕਿ ਤੁਹਾਡਾ ਕਿਸ਼ੋਰ ਅਵਸਥਾ ਵਾਲਾ ਬੱਚਾ ਆਪਣੇ ਹਮਉਮਰ ਨਾਲ ਗੱਲ ਕਰਨ ਵਿੱਚ ਜ਼ਿਆਦਾ ਸਹਿਜ ਮਹਿਸੂਸ ਕਰੇ। ਕੋਈ ਗੱਲ ਨਹੀਂ! ਸਿਖਲਾਈ ਪ੍ਰਾਪਤ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਦੁਆਰਾ ਸ਼ਾਮ 6 ਵਜੇ ਤੋਂ 10 ਵਜੇ PT ਤੱਕ ਚਲਾਈ ਜਾਣ ਵਾਲੀ ਗੁਪਤ ਅਤੇ ਮੁਫ਼ਤ ਹੈਲਪਲਾਈਨ ਹੈ। ਤੁਹਾਡਾ ਬੱਚਾ ਉਸ ਦੇ ਮਨ ਵਿੱਚ ਜੋ ਕੁਝ ਵੀ ਹੋਏ ਉਸ ਬਾਰੇ ਉਹਨਾਂ ਨਾਲ ਗੱਲ ਕਰ ਸਕਦਾ ਹੈ। ਆਪਣੇ ਬੱਚੇ ਨੂੰ 1-866-TEENLINK (833-6546) ਉੱਤੇ ਕਾੱਲ ਕਰਨ, ਸੰਦੇਸ਼ ਭੇਜਣ ਜਾਂ ਚੈਟ ਕਰਨ ਲਈ ਉਤਸ਼ਾਹਤ ਕਰੋ। ਜੇ ਤੁਸੀਂ ਠੀਕ ਸਮਝੋ, ਤਾਂ ਤੁਸੀਂ ਆਪਣੇ ਬੱਚੇ ਵੱਲੋਂ ਗੱਲ ਕਰਨ ਤੋਂ ਪਹਿਲਾਂ ਖੁਦ ਵਾਲੰਟੀਅਰ ਨਾਲ ਗੱਲ ਕਰ ਸਕਦੇ ਹੋ। ਤੁਸੀਂ ਆਪਣੇ ਬੱਚੇ ਦੁਆਰਾ ਨਸ਼ਿਆਂ ਜਾਂ ਸ਼ਰਾਬ ਦੀ ਵਰਤੋਂ ਕਰਨ ਬਾਰੇ ਆਪਣੀਆਂ ਚਿੰਤਾਵਾਂ ਬਾਰੇ ਚਰਚਾ ਕਰਨ ਲਈ ਵੀ ਹੈਲਪਲਾਈਨ ਨਾਲ ਸੰਪਰਕ ਕਰ ਸਕਦੇ ਹੋ।

Washington Listens: ਤੁਹਾਡੇ ਲਈ ਵੀ ਸਹਾਇਤਾ ਉਪਲਬਧ ਹੈ। ਮੁਫ਼ਤ ਅਤੇ ਗੁਮਨਾਮ ਸਹਾਇਤਾ ਲਈ1-833-681-0211 ‘ਤੇ ਕਾੱਲ ਕਰੋ ਜਾਂ WAlistens.org ’ਤੇ ਜਾਓ। Washington Listens (ਵਾਸ਼ਿੰਗਟਨ ਲਿਸੰਸ) ਉਹਨਾਂ ਨੂੰ ਸਹਾਇਤਾ ਮੁਹਈਆ ਕਰਦਾ ਹੈ ਜੋ ਉਦਾਸੀ, ਚਿੰਤਾ ਮਹਿਸੂਸ ਕਰਦੇ ਹਨ, ਜਾਂ COVID-19 ਕਾਰਣ ਤਣਾਅ ਵਿੱਚ ਹਨ। ਇਹ ਸਟਾਫ਼ ਦੇ ਨਾਲ ਸੋਮਵਾਰ ਤੋਂ ਲੈਕੇ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਰਾਤ 9 ਵਜੇ PT ਤੱਕ ਅਤੇ ਹਫ਼ਤੇ ਦੇ ਅਖੀਰ ਵਿੱਚ ਸਵੇਰੇ 9 ਵਜੇ ਤੋਂ ਲੈਕੇ ਸ਼ਾਮ 6 ਵਜੇ PT ਤੱਕ ਖੁੱਲ੍ਹਾ ਰਹਿੰਦਾ ਹੈ। TSR 711 ਅਤੇ ਭਾਸ਼ਾ ਪਹੁੰਚ ਸੇਵਾਵਾਂ ਉਪਲਬਧ ਹਨ।

ਯਾਦ ਰੱਖੋ, ਮਦਦ ਲਈ ਪਹੁੰਚ ਕਰਨਾ ਠੀਕ ਹੈ। ਤੁਹਾਡਾ ਕਿਸ਼ੋਰ ਅਵਸਥਾ ਵਾਲਾ ਬੱਚਾ ਦੇਖ ਰਿਹਾ ਹੈ ਕਿ ਤੁਸੀਂ ਤਣਾਅ ਨਾਲ ਕਿਵੇਂ ਨਜਿੱਠਦੇ ਹੋ। ਜਦੋਂ ਤੁਹਾਨੂੰ ਸਹਾਇਤਾ ਦੀ ਜ਼ਰੂਰਤ ਹੋਏ ਤਾਂ ਮੁਕਾਬਲਾ ਕਰਨ ਅਤੇ ਪਹੁੰਚਣ ਦੇ ਸਿਹਤਮੰਦ ਤਰੀਕੇ ਲੱਭਣਾ ਤੁਹਾਡੇ ਅਤੇ ਤੁਹਾਡੇ ਕਿਸ਼ੋਰ ਅਵਸਥਾ ਵਾਲੇ ਬੱਚੇ ਲਈ ਸਿੱਖਣ ਲਈ ਸਕਾਰਾਤਮਕ ਕਾਰਜ ਹਨ।

ਤੁਸੀਂ ਆਪਣੇ ਕਿਸ਼ੋਰ ਅਵਸਥਾ ਵਾਲੇ ਬੱਚੇ ਨੂੰ ਸਭ ਤੋਂ ਚੰਗੀ ਤਰ੍ਹਾਂ ਜਾਣਦੇ ਹੋ ਅਤੇ ਇਸ ਚੁਣੌਤੀ ਭਰੇ ਸਮੇਂ ਦੌਰਾਨ ਉਹਨਾਂ ਦੀ ਸਹਾਇਤਾ ਕਰ ਸਕਦੇ ਹੋ। ਮਿਲ ਕੇ, ਤੁਸੀਂ ਦੋਵੇਂ ਹੋਰ ਵੀ ਮਜ਼ਬੂਤ ਬਣ ਕੇ ਉਭਰ ਸਕਦੇ ਹੋ। ਅਤੇ ਜੇ ਤੁਹਾਨੂੰ ਸਮਰਥਨ (ਸਹਾਇਤਾ) ਦੀ ਜ਼ਰੂਰਤ ਹੈ, ਤਾਂ ਪਹੁੰਚ ਕਰੋ!