ਪੂਰੀ ਸਾਈਟ ਨੂੰ ਪੰਜਾਬੀ ਵਿੱਚ ਵੇਖਣ ਲਈ ਇੱਥੇ ਕਲਿੱਕ ਕਰੋ
ਇਸ ਪੰਨੇ ’ਤੇ ਇਹਨਾਂ ਬਾਰੇ ਜਾਣਕਾਰੀ ਹੈ:
- ਮਾਪਿਆਂ ਅਤੇ ਦੇਖਭਾਲਕਰਤਾਵਾਂ ਲਈ ਸੁਝਾਅ।
- ਘੱਟ ਉਮਰ ਵਿੱਚ ਸ਼ਰਾਬ, ਮਾਰਿਜੁਆਨਾ, ਅਤੇ ਹੋਰ ਨਸ਼ਿਆਂ ਦੀ ਵਰਤੋਂ ਦੇ ਜੋਖਮ।
- ਰੱਲ-ਮਿਲ ਕੇ ਸਿਹਤਮੰਦ ਆਦਤਾਂ ਵਿਕਸਿਤ ਕਰਨੀਆਂ।
- ਸਹਾਇਤਾ ਕਿੱਥੋਂ ਪ੍ਰਾਪਤ ਕਰਨੀ ਹੈ।
ਤੁਹਾਡਾ ਕਿਸ਼ੋਰ ਨਸ਼ਿਆਂ ਦੇ ਬਾਰੇ ਜੋ ਫ਼ੈਸਲੇ ਲੈਂਦਾ ਹੈ, ਉਨ੍ਹਾਂ ‘ਤੇ ਸਭ ਤੋਂ ਜ਼ਿਆਦਾ ਅਸਰ ਤੁਹਾਡਾ ਹੁੰਦਾ ਹੈ।
ਦੋਸਤਾਂ ਤੋਂ ਜ਼ਿਆਦਾ। ਮਸ਼ਹੂਰ ਹਸਤੀਆਂ ਤੋਂ ਜ਼ਿਆਦਾ। ਇਸ ਲਈ ਕਿਸ਼ੋਰਾਂ ਲਈ ਇਹ ਮਹੱਤਵਪੂਰਨ ਹੈ ਕਿ ਉਹ ਮਾਰਿਜੁਆਨਾ, ਸ਼ਰਾਬ, ਜਾਂ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕਰਨ, ਅਤੇ ਉਹਨਾਂ ਲਈ ਔਖੇ ਸਮਿਆਂ ਦੌਰਾਨ ਸਿੱਝਣ ਦੇ ਨਰੋਏ ਤਰੀਕੇ ਲੱਭਣ ਸਮੇਤ, ਸਿਹਤਮੰਦ ਵਿਕਲਪ ਬਣਾਉਣ ਅਤੇ ਸਿੱਖਣ ਬਾਰੇ ਤੁਹਾਡੇ ਕੋਲੋਂ ਸੁਣਨ।
ਆਪਣੇ ਕਿਸ਼ੋਰਾਂ ਨਾਲ ਇਹਨਾਂ ਵਿਸ਼ਿਆਂ ਬਾਰੇ ਗੱਲ ਕਰਨਾ ਚੁਣੌਤੀ ਭਰਿਆ ਹੋ ਸਕਦਾ ਹੈ, ਪਰ ਖੋਜ ਦਰਸਾਉਂਦੀ ਹੈ ਕਿ ਤੁਹਾਡੇ ਦੇਖਭਾਲ ਕਰਨ ਵਿੱਚ ਇਹ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਹੈ, ਉਮੀਦਾਂ ਤੈਅ ਕਰਨ, ਅਤੇ ਉਹਨਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਵਿੱਚ ਮਦਦ ਕਰਨ ਲਈ ਤੁਸੀਂ ਇਹ ਕਰ ਸਕਦੇ ਹੋ। ਆਪਣੇ ਕਿਸ਼ੋਰ ਨਾਲ ਸਮਾਂ ਬਿਤਾਉਣ ਦੌਰਾਨ ਤੁਸੀਂ ਉਸ ਨਾਲ ਆਮ ਗੱਲਬਾਤ ਕਰ ਸਕਦੇ ਹੋ, ਛੋਟੀਆਂ-ਛੋਟੀਆਂ ਗੱਲਾਂ ਕਰ ਸਕਦੇ ਹੋ। ਇਹਨਾਂ ਵਾਰਤਾਲਾਪਾਂ ਦੀ ਤਿਆਰੀ ਵਿੱਚ ਤੁਹਾਡੀ ਮਦਦ ਕਰਨ ਲਈ, ਇੱਥੇ ਉਹਨਾਂ ਸਵਾਲਾਂ ਦੇ ਜਵਾਬਾਂ ਦੀ ਇੱਕ ਸੂਚੀ ਦਿੱਤੀ ਗਈ ਹੈ ਜੋ ਤੁਹਾਡਾ ਬੱਚਾ ਸ਼ਰਾਬ ਅਤੇ ਮਾਰਿਜੁਆਨਾ ਬਾਰੇ ਪੁੱਛ ਸਕਦਾ ਹੈ। ਹਰ ਕੋਈ ਇੱਕੋ ਜਿਹਾ ਨਹੀਂ ਹੁੰਦਾ, ਇਸ ਲਈ ਆਪਣੇ ਖੁਦ ਦੇ ਵਿਚਾਰਾਂ ਅਤੇ ਅਨੁਭਵ ਦੇ ਆਧਾਰ 'ਤੇ ਆਪਣੇ ਜਵਾਬ ਤਿਆਰ ਕਰਨਾ ਯਾਦ ਰੱਖੋ। ਮਿਲਣਸਾਰ ਅਤੇ ਸੁਹਿਰਦ ਗੱਲਬਾਤ ਕਰਨ ਨਾਲ ਹੋਰ ਵੀ ਜ਼ਿਆਦਾ ਜ਼ਬਰਦਸਤ ਪ੍ਰਭਾਵ ਪਏਗਾ।
ਆਪਣੇ ਕਿਸ਼ੋਰਾਂ ਨਾਲ ਗੱਲ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਵਾਧੂ ਸ੍ਰੋਤ ਦਿੱਤੇ ਗਏ ਹਨ:
- ਮਾਪਿਆਂ ਲਈ ਤੇਜ਼ ਸੁਝਾਵਾਂ ਵਾਲਾ ਇੱਕ ਇਨਫੋਗ੍ਰਾਫ਼ਿਕ
- ਨਸ਼ਾ-ਮੁਕਤ ਬੱਚਿਆਂ ਦੀ ਪਾਲਣਾ ਲਈ ਮਾਤਾ-ਪਿਤਾ ਵਾਸਤੇ ਗਾਈਡ (ਸਿਰਫ਼ ਅੰਗਰੇਜ਼ੀ ਅਤੇ ਸਪੈਨਿਸ਼ ਵਿੱਚ)
- ਬੱਚੇ ਦੀ ਉਮਰ ਦੇ ਸਮੂਹ ਅਨੁਸਾਰ ਗੱਲਬਾਤ ਸ਼ੁਰੂ ਕਰਨ ਲਈ ਗਾਈਡਾਂ (ਇੰਜਣ ਦੁਆਰਾ ਅਨੁਵਾਦ ਕੀਤਾ ਗਿਆ ਵੈੱਬਪੇਜ)
- ਮਜ਼ੇਦਾਰ ਤਰੀਕੇ ਨਾਲ ਰੁੱਝੇ ਰੱਖਣ ਲਈ ਟਰੁਥ ਔਰ ਚੈਲੰਜ ਦੀ ਖੇਡ (ਸਿਰਫ਼ ਅੰਗਰੇਜ਼ੀ ਅਤੇ ਸਪੈਨਿਸ਼ ਵਿੱਚ)
ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਸੁਝਾਅ।
ਆਪਣੇ ਕਿਸ਼ੋਰ ਨਾਲ ਸਮਾਂ ਬਿਤਾਓ, ਅਕਸਰ ਗੱਲਬਾਤ ਕਰੋ, ਅਤੇ ਰੱਲ-ਮਿਲ ਕੇ ਮਜ਼ੇਦਾਰ ਚੀਜ਼ਾਂ ਕਰੋ!
ਜਦੋਂ ਤੁਸੀਂ ਆਪਸੀ ਸਾਂਝ ਵਧਾਉਂਦੇ ਹੋ, ਹੱਦਾਂ ਤੈਅ ਕਰਦੇ ਹੋ, ਅਤੇ ਨਿਗਰਾਨੀ ਕਰਦੇ ਹੋ, ਤਾਂ ਤੁਸੀਂ ਆਪਣੇ ਕਿਸ਼ੋਰ ਦੀ ਮਾਰਿਜੁਆਨਾ, ਸ਼ਰਾਬ, ਜਾਂ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਤੋਂ ਬਚਣ ਵਿੱਚ ਮਦਦ ਕਰ ਸਕਦੇ ਹੋ।
ਕਿਸ਼ੋਰਾਂ ਵੱਲੋਂ ਸ਼ਰਾਬ ਪੀਣ ਜਾਂ ਮਾਰਿਜੁਆਨਾ ਜਾਂ ਹੋਰ ਨਸ਼ਿਆਂ ਦਾ ਸੇਵਨ ਕਰਨ ਦੀ ਘੱਟ ਸੰਭਾਵਨਾ ਹੁੰਦੀ ਹੈ, ਜਦੋਂ ਕਿਸ਼ੋਰਾਂ ਦੇ ਮਾਪੇ ਅਤੇ/ਜਾਂ ਦੇਖਭਾਲ ਕਰਨ ਵਾਲੇ ਉਹਨਾਂ ਦੇ ਜੀਵਨ ਵਿੱਚ ਸ਼ਾਮਲ ਹੁੰਦੇ ਹਨ ਅਤੇ ਜਦੋਂ ਉਹ ਉਹਨਾਂ ਦੇ ਕਰੀਬ ਮਹਿਸੂਸ ਕਰਦੇ ਹਨ। ਪਰਿਵਾਰਕ ਸਾਂਝ ਵਧਾਉਣ ਲਈ:
- ਆਪਣੇ ਬੱਚੇ ਨੂੰ ਰੋਜ਼ਾਨਾ ਆਪਣੇ ਨਾਲ ਘੱਟੋ-ਘੱਟ 15 ਮਿੰਟ ਦਾ ਇਕੱਲੇ ਸਮਾਂ ਦਿਓ।
- ਇਕੱਠੇ ਮਿਲ ਕੇ ਮਜ਼ੇਦਾਰ ਚੀਜ਼ਾਂ ਕਰੋ।
- ਆਪਣੇ ਬੱਚੇ ਵਲੋਂ ਚੁਣੇ ਗਏ ਉਸਾਰੂ ਵਿਕਲਪਾਂ ਬਾਰੇ ਸਕਾਰਾਤਮਕ ਪ੍ਰਤੀਕਰਮ ਦਿਓ।
- ਇਕੱਠੇ ਭੋਜਨ ਕਰੋ।
ਸਪਸ਼ਟ ਨਿਯਮ ਛੇਤੀ ਤੈਅ ਕਰੋ, ਇਕਸਾਰ ਰਹੋ, ਅਤੇ ਦਿਸ਼ਾ-ਨਿਰਦੇਸ਼ਾਂ ਬਾਰੇ ਅਕਸਰ ਗੱਲ ਕਰੋ। ਹੱਦਾਂ ਤੈਅ ਕਰਨ ਲਈ:
- ਆਪਣੀ ਉਮੀਦਾਂ ਬਾਰੇ ਨਿਯਮਿਤ ਗੱਲਬਾਤ ਕਰੋ।
- ਕਿਸੇ ਵੀ ਸਮੇਂ ਆਪਣੇ ਨਿਯਮਾਂ ਦੀ ਉਲੰਘਣਾ ਹੋਣ ’ਤੇ ਨਿਰਪੱਖ ਅਤੇ ਇਕਸਾਰ ਅਨੁਸ਼ਾਸਨ ਦੀ ਵਰਤੋਂ ਕਰੋ।
- ਦੋਸਤਾਂ ਨਾਲ ਸਕਾਰਾਤਮਕ ਸੰਬੰਧ ਬਣਾਉਣ ਵਿੱਚ ਆਪਣੇ ਬੱਚਿਆਂ ਦੀ ਮਦਦ ਕਰੋ।
- ਨਸ਼ਿਆਂ ਨੂੰ ਨਾ ਕਹਿਣ ਦੇ ਤਰੀਕਿਆਂ ਦਾ ਅਭਿਆਸ ਕਰਨ ਵਿੱਚ ਆਪਣੇ ਬੱਚੇ ਦੀ ਮਦਦ ਕਰੋ।
ਹਮੇਸ਼ਾ ਜਾਣੋ ਕਿ ਤੁਹਾਡੇ ਕਿਸ਼ੋਰ ਬੱਚੇ ਕੀ ਕਰ ਰਹੇ ਹਨ, ਉਹ ਕਿੱਥੇ ਜਾ ਰਹੇ ਹਨ, ਅਤੇ ਉਹ ਕਿਸ ਨਾਲ ਸਮਾਂ ਬਿਤਾ ਰਹੇ ਹਨ। ਸੁਰੱਖਿਅਤ ਅਤੇ ਮਜ਼ੇਦਾਰ ਸਰਗਰਮੀਆਂ ਦੀ ਯੋਜਨਾ ਬਣਾਉਣ ਵਿੱਚ ਉਹਨਾਂ ਦੀ ਮਦਦ ਕਰੋ। ਇਹ ਪੰਜ ਸੁਆਲ ਪੁੱਛਣਾ ਯਾਦ ਰੱਖੋ:
- ਤੁਸੀਂ ਕਿੱਥੇ ਜਾ ਰਹੇ ਹੋ?
- ਤੁਸੀਂ ਕੀ ਕਰੋਗੇ?
- ਤੁਸੀਂ ਕਿਸ ਨਾਲ ਹੋਵੋਗੇ?
- ਤੁਸੀਂ ਘਰ ਕਦੋਂ ਆਓਗੇ?
- ਕੀ ਉੱਥੇ ਸ਼ਰਾਬ, ਮਾਰਿਜੁਆਨਾ, ਜਾਂ ਹੋਰ ਨਸ਼ੇ ਹੋਣਗੇ?
ਘੱਟ ਉਮਰ ਵਿੱਚ ਸ਼ਰਾਬ, ਮਾਰਿਜੁਆਨਾ, ਜਾਂ ਹੋਰ ਨਸ਼ਿਆਂ ਦੇ ਸੇਵਨ ਕਰਨ ਦੇ ਕੀ ਜੋਖਮ ਹਨ?
ਸ਼ਰਾਬ, ਮਾਰਿਜੁਆਨਾ, ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਛੋਟੀ ਉਮਰ ਵਿੱਚ ਵਰਤੋਂ ਕਰਨ ਨਾਲ ਕਿਸ਼ੋਰਾਂ ਵਿੱਚ ਨਸ਼ਾਖੋਰੀ ਅਤੇ ਹੋਰ ਸਿਹਤ ਸੰਬੰਧੀ ਸਮੱਸਿਆਵਾਂ, ਸਕੂਲ ਵਿੱਚ ਫੇਲ੍ਹ ਹੋਣ, ਅਤੇ ਗ੍ਰਿਫ਼ਤਾਰੀ ਅਤੇ ਸਿੱਖਿਆ ਦੀ ਘਾਟ ਕਾਰਣ ਕਰੀਅਰ ਦੇ ਸੀਮਿਤ ਵਿਕਲਪਾਂ ਦਾ ਵਧੇਰੇ ਜੋਖਮ ਰਹਿੰਦਾ ਹੈ। ਸ਼ਰਾਬ, ਮਾਰਿਜੁਆਨਾ, ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ:
- ਕਿਸ਼ੋਰਾਂ ਦੇ ਵਿਕਸਿਤ ਹੋ ਰਹੇ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸ਼ਰਾਬ, ਮਾਰਿਜੁਆਨਾ, ਅਤੇ ਹੋਰ ਨਸ਼ੀਲੇ ਪਦਾਰਥ ਦਿਮਾਗ ਦੇ ਉਹਨਾਂ ਹਿੱਸਿਆਂ ਨੂੰ ਪ੍ਰਭਾਵਤ ਕਰ ਸਕਦੇ ਹਨ ਜੋ ਕਿ ਜਿਸਮ ਦੇ ਹਿੱਸਿਆਂ ਦੇ ਤਾਲਮੇਲ, ਭਾਵਨਾਵਾਂ ’ਤੇ ਕਾਬੂ ਪਾਉਣ, ਯਾਦਦਾਸ਼ਤ, ਸਿੱਖਣ ਅਤੇ ਫ਼ੈਸਲੇ ਲੈਣ ’ਤੇ ਕੰਟਰੋਲ ਕਰਦੇ ਹਨ। ਕਿਸ਼ੋਰ ਦਾ ਦਿਮਾਗ ਵਿਕਸਿਤ ਹੋ ਰਿਹਾ ਹੁੰਦਾ ਹੈ, ਇਸ ਲਈ ਇਹ ਇਹਨਾਂ ਪ੍ਰਭਾਵਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦਾ ਹੈ।
- ਨਸ਼ੇ ਦੀ ਆਦਤ ਪੈ ਸਕਦੀ ਹੈ। ਜਿਹੜੇ ਬੱਚੇ 15 ਸਾਲ ਤੋਂ ਘੱਟ ਉਮਰ ਵਿੱਚ ਸ਼ਰਾਬ ਪੀਣਾ ਸ਼ੁਰੂ ਕਰ ਦਿੰਦੇ ਹਨ ਉਹਨਾਂ ਵਿੱਚ ਬਾਲਗਾਂ ਦੇ ਮੁਕਾਬਲੇ ਸ਼ਰਾਬ ਦੀ ਸਮੱਸਿਆ ਹੋਣ ਦੀ ਸੰਭਾਵਨਾ ਚਾਰ ਗੁਣਾ ਜ਼ਿਆਦਾ ਹੁੰਦੀ ਹੈ ਅਤੇ ਜਿਹੜੇ 18 ਸਾਲ ਦੀ ਉਮਰ ਤੋਂ ਪਹਿਲਾਂ ਮਾਰਿਜੁਆਨਾ ਦਾ ਸੇਵਨ ਸ਼ੁਰੂ ਕਰ ਦਿੰਦੇ ਹਨ ਉਹਨਾਂ ਵਿੱਚ ਦੇਰੀ ਨਾਲ ਵਰਤੋਂ ਸ਼ੁਰੂ ਕਰਨ ਵਾਲਿਆਂ ਦੇ ਮੁਕਾਬਲੇ ਮਾਰਿਜੁਆਨਾ ਦੀ ਵਰਤੋਂ ਸੰਬੰਧੀ ਵਿਗਾੜ ਹੋਣ ਦੀ ਸੰਭਾਵਨਾ ਚਾਰ ਤੋਂ ਸੱਤ ਗੁਣਾ ਵੱਧ ਹੁੰਦੀ ਹੈ।
- ਕਿਸ਼ੋਰਾਂ ਦੀ ਮੌਤ ਦੇ ਤਿੰਨ ਮੁੱਖ ਕਾਰਣਾਂ ਨਾਲ ਜੁੜਿਆ ਹੋਇਆ ਹੈ: ਹਾਦਸੇ (ਟ੍ਰੈਫ਼ਿਕ ਸੰਬੰਧੀ ਮੌਤਾਂ ਅਤੇ ਡੁੱਬਣ ਸਮੇਤ), ਕਤਲ, ਅਤੇ ਖੁਦਕੁਸ਼ੀ।
ਘੱਟ ਉਮਰ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਜੋਖਮਾਂ ਬਾਰੇ ਤੱਥ ਪ੍ਰਾਪਤ ਕਰੋ।
ਰੱਲ-ਮਿਲ ਕੇ ਨਰੋਈਆਂ ਆਦਤਾਂ ਵਿਕਸਿਤ ਕਰੋ।
ਆਪਣੇ ਕਿਸ਼ੋਰ ਦੀ ਨਰੋਈਆਂ ਆਦਤਾਂ ਵਿਕਸਿਤ ਕਰਨ, ਟੀਚੇ ਤੈਅ ਕਰਨ, ਅਤੇ ਸਿੱਝਣ ਦੇ ਸਿਹਤਮੰਦ ਤਰੀਕਿਆਂ ਦਾ ਅਭਿਆਸ ਕਰਨ ਵਿੱਚ ਮਦਦ ਕਰੋ।
- ਟੀਚੇ ਤੈਅ ਕਰੋ: ਟੀਚੇ ਤੈਅ ਕਰਨ ਨਾਲ ਲੋਕਾਂ ਨੂੰ ਉਦੇਸ਼ ਦਾ ਅਹਿਸਾਸ ਹੁੰਦਾ ਹੈ ਅਤੇ ਇੱਕ ਸਕਾਰਾਤਮਕ ਭਵਿੱਖ ਵਿੱਚ ਵਿਸ਼ਵਾਸ ਕਰਨ ਵਿੱਚ ਉਹਨਾਂ ਨੂੰ ਮਦਦ ਮਿਲਦੀ ਹੈ। ਵਰਤਮਾਨ ਚੁਣੌਤੀ ਭਰਿਆ ਹੋ ਸਕਦਾ ਹੈ, ਪਰ ਭਵਿੱਖ ਦੇ ਮੌਕਿਆਂ ਬਾਰੇ ਆਸਵੰਦ ਹੋਣ ਨਾਲ ਇਸ ਨੂੰ ਸੰਭਾਲਣਾ ਆਸਾਨ ਹੁੰਦਾ ਹੈ। ਆਪਣੇ ਕਿਸ਼ੋਰਾਂ ਨਾਲ ਇਸ ਬਾਰੇ ਗੱਲ ਕਰੋ ਕਿ ਉਹ ਭਵਿੱਖ ਵਿੱਚ ਕੀ ਕਰਨਾ ਚਾਹੁੰਦੇ ਹਨ ਅਤੇ ਯੋਜਨਾਵਾਂ ਬਣਾਉਣ ਵਿੱਚ ਉਹਨਾਂ ਦੀ ਮਦਦ ਕਰੋ।
- ਨਰੋਈਆਂ ਆਦਤਾਂ ਦਾ ਨਿਰਮਾਣ ਕਰੋ: ਚੰਗੀ ਤਰ੍ਹਾਂ ਭੋਜਨ ਕਰਨਾ ਅਤੇ ਕਾਫ਼ੀ ਨੀਂਦ ਲੈਣਾ ਅਤੇ ਕਸਰਤ ਕਰਨਾ ਸਿਹਤ ਅਤੇ ਮਿਜਾਜ਼ ਨੂੰ ਉਤਸ਼ਾਹਤ ਕਰਦਾ ਹੈ। ਰੂਟੀਨ ਬਣਾਓ (ਜਿਵੇਂ ਕਿ ਭੋਜਨ ਕਰਨ ਦਾ ਨਿਯਮਿਤ ਸਮਾਂ), ਜੋ ਚੰਗੀਆਂ ਆਦਤਾਂ ਦੀ ਸਹੂਲਤ ਦਵੇ, ਅਤੇ ਆਪਣੇ ਕਿਸ਼ੋਰ ਨਾਲ ਇਸ ਬਾਰੇ ਗੱਲ ਕਰੋ ਕਿ ਸਿਹਤਮੰਦ ਆਦਤਾਂ ਇੰਨੀਆਂ ਮਹੱਤਵਪੂਰਨ ਕਿਉਂ ਹੁੰਦੀਆਂ ਹਨ। ਰੱਲ-ਮਿਲ ਕੇ, ਚੰਗੀਆਂ ਆਦਤਾਂ ਨੂੰ ਮਜ਼ਬੂਤ ਕਰਨ ਅਤੇ ਅਮਲ ਕਰਨ ਦੇ ਤਰੀਕਿਆਂ ਲਈ ਰਣਨੀਤੀ ਬਣਾਓ।
- ਸਥਿਤੀਆਂ ਦਾ ਸਾਹਮਣਾ ਕਰਨ ਦੇ ਹੁਨਰ ਵਿਕਸਿਤ ਕਰੋ: ਕਿਸ਼ੋਰਾਂ ਲਈ ਉਹਨਾਂ ਗਤੀਵਿਧੀਆਂ ਦੀ ਪਛਾਣ ਕਰਨਾ ਮਹੱਤਵਪੂਰਨ ਹੈ ਜੋ ਉਹਨਾਂ ਨੂੰ ਤਣਾਅ ਜਾਂ ਚਿੰਤਾ ਮਹਿਸੂਸ ਕਰਨ ਵੇਲੇ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਕਰਦੀਆਂ ਹੋਣ। ਆਪਣੇ ਕਿਸ਼ੋਰਾਂ ਨਾਲ, ਉਹਨਾਂ ਗਤੀਵਿਧੀਆਂ ਨੂੰ ਉਹਨਾਂ ਦੇ ਜੀਵਨ ਵਿੱਚ ਸ਼ਾਮਲ ਕਰਨ ਦੇ ਤਰੀਕੇ ਲੱਭੋ — ਭਾਵੇਂ ਇਹ ਰਾਤ ਦੇ ਖਾਣੇ ਤੋਂ ਬਾਅਦ ਪਿਛਲੇ ਵਿਹੜੇ ਵਿੱਚ ਗੇਂਦ ਸੁੱਟਣਾ ਹੋਏ, ਆਸ-ਪਾਸ ਸੈਰ ਕਰਨਾ ਹੋਏ, ਕਿਸੇ ਕਲਾ ਦਾ ਰੋਜ਼ਾਨਾ ਅਭਿਆਸ ਕਰਨਾ ਹੋਏ, ਜਾਂ ਜਦੋਂ ਚੀਜ਼ਾਂ ਵੱਸੋ ਬਾਹਰ ਮਹਿਸੂਸ ਹੋਣ, ਤਾਂ ਬਸ 10 ਤੱਕ ਗਿਣਤੀ ਕਰਨਾ ਅਤੇ ਡੂੰਘਾ ਸਾਹ ਲੈਣਾ।
ਸਹਾਇਤਾ ਪ੍ਰਾਪਤ ਕਰੋ।
ਆਪਣੇ ਕਿਸ਼ੋਰ ਅਤੇ ਆਪਣੇ ਲਈ ਮਦਦ ਮੰਗਣਾ ਠੀਕ ਹੈ! ਹੇਠਾਂ ਦਿੱਤੇ ਗਏ ਸਾਰੇ ਸਾਧਨ TSR 711 ਅਤੇ ਭਾਸ਼ਾ ਪਹੁੰਚ ਸੇਵਾਵਾਂ ਮੁਹੱਈਆ ਕਰਦੇ ਹਨ।
- Teen Link ਇੱਕ ਮੁਫ਼ਤ, ਗੁਪਤ ਹੈਲਪਲਾਈਨ ਹੈ ਜਿਸ ਉੱਪਰ ਕਿਸ਼ੋਰ 6 ਤੋਂ 10 p.m. PT ਤੱਕ ਸਿਖਲਾਈ ਪ੍ਰਾਪਤ ਕਿਸ਼ੋਰਾਂ ਨਾਲ ਫੋਨ ਕਰਕੇ, ਟੈਕਸਟ ਮੈਸੇਜ ਭੇਜ ਕੇ ਜਾਂ ਚੈਟ ਕਰਕੇ ਪਹੁੰਚ ਕਰ ਸਕਦੇ ਹਨ। ਤੁਹਾਡਾ ਬੱਚਾ, ਜੋ ਵੀ ਉਸ ਦੇ ਦਿਮਾਗ ਵਿੱਚ ਹੈ ਉਸ ਬਾਰੇ ਉਹਨਾਂ ਨਾਲ ਗੱਲ ਕਰ ਸਕਦਾ ਹੈ। ਆਪਣੇ ਬੱਚੇ ਨੂੰ 1-866-TEENLINK (833-6546) ‘ਤੇ ਕਾੱਲ ਕਰਨ, ਟੈਕਸਟ ਕਰਨ ਜਾਂ ਚੈਟ ਕਰਨ ਲਈ ਉਤਸ਼ਾਹਤ ਕਰੋ। ਬਾਲਗ ਵੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਰੋਕਥਾਮ ਵਿੱਚ ਮੁਹਾਰਤ ਪ੍ਰਾਪਤ ਕਲਿਨੀਸ਼ੀਅਨ ਨਾਲ ਗੱਲ ਕਰਨ ਲਈ Teen Link ਨੂੰ ਕਾੱਲ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ www.teenlink.org ’ਤੇ ਵਿਜ਼ਿਟ ਕਰੋ।
- Washington Recovery Help Line ਇੱਕ ਗੁਮਨਾਮ, ਗੁਪਤ 24 ਘੰਟੇ ਦੀ ਹੈਲਪਲਾਈਨ ਹੈ, ਜੋ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਹੋਣ ਵਾਲੇ ਵਿਕਾਰਾਂ ਅਤੇ ਮਾਨਸਿਕ ਸਿਹਤ ਦੀਆਂ ਚੁਣੌਤੀਆਂ ਨਾਲ ਜੂਝ ਰਹੇ ਵਿਅਕਤੀਆਂ ਨੂੰ ਸਹਾਇਤਾ ਮੁਹੱਈਆ ਕਰਦੀ ਹੈ। ਵਧੇਰੇ ਜਾਣਕਾਰੀ ਲਈ 1-866-789-1511 ’ਤੇ ਕਾੱਲ ਕਰੋ ਜਾਂ WARecoveryHelpLine.org ’ਤੇ ਜਾਓ।
- Washington Listens ਉਹਨਾਂ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਦਾ ਹੈ, ਜੋ ਉਦਾਸੀ, ਚਿੰਤਾ ਜਾਂ ਤਣਾਅ ਮਹਿਸੂਸ ਕਰਦੇ ਹਨ। ਇਹ ਸੇਵਾ ਸੋਮਵਾਰ-ਸ਼ੁੱਕਰਵਾਰ 9 a.m. ਤੋਂ 9 p.m.PT ਅਤੇ ਹਫ਼ਤੇ ਦੇ ਅਖੀਰ ਵਿੱਚ 9 a.m. ਤੋਂ 6 p.m. PT ਤੱਕ ਉਪਲਬਧ ਹੈ। ਵਧੇਰੇ ਜਾਣਕਾਰੀ ਲਈ Washington Listens ਪੋਰਟਲ ’ਤੇ ਜਾਓ।